ਚਾਹ ਤੇ ਚਾਅ ( ਉਹਦੀ ਚੁੱਪ ਬੋਲਦੀ ਸੀ ) ਚੈਪਟਰ -5

Published on 9 June 2023 at 01:05

ਆ ਘੁੱਟ ਘੁੱਟ ਪੀਏ ਚਾਹ ਸੱਜਣਾਂ,
ਖਬਰੇ ਕੋਈ ਲੱਭਜੇ ਚਾਅ ਸੱਜਣਾਂ,
ਸਾਡੇ ਇੱਕੋ ਜਿਹੇ ਨੇਂ ਰਾਹ ਸੱਜਣਾਂ,
ਗੱਲ ਕਿਸੇ ਕਿਨਾਰੇ ਲਾ ਸੱਜਣਾਂ,

ਗਲ ਨਈ ਮਿਲਣਾਂ ਤੇ ਰੋਸਾ ਨਈ,
ਜਾਂਦੀ ਵੇਰ ਦਾ ਹੱਥ ਮਿਲਾ ਸੱਜਣਾਂ
ਜਿਸਮਾਂ ਨੂੰ ਰੱਖਦੇ ਇੱਕ ਪਾਸੇ,
ਕੋਈ ਸਾਂਝ ਰੂਹਾਨੀ ਪਾ ਸੱਜਣਾਂ....

ਆ ਘੁੱਟ ਘੁੱਟ ਪੀਏ ਚਾਹ ਸੱਜਣਾਂ,
ਖਬਰੇ ਕੋਈ ਲੱਭਜੇ ਚਾਅ ਸੱਜਣਾਂ ||


ਉਸ ਸ਼ਾਮ ਦੀ ਕੌਫੀ ਤੋਂ ਬਾਅਦ ਘਰ ਨੂੰ ਆਉਂਦਿਆ ਮੈਂ ਇਹ ਲਾਈਨਾ ਲਿਖੀਆਂ ਅਤੇ ਗੁਣਗੁਣਾਉਂਦਾ ਅੱਗੇ-ਅੱਗੇ ਸ਼ਬਦ ਜੋੜਦਾ ਘਰ ਪਹੁੰਚ ਗਿਆ । ਸਿਰਫ ਪਹਿਲੀਆਂ ਦੋ ਲਾਈਨਾਂ ਮੈਂ ਅਨੰਤ ਨੂੰ ਸੁਭਾਈ ਹੀ ਆਖੀਆਂ ਸੀ, ਜਦੋ ਉਸਨੇ ਮੇਰੀ ਕੌਫੀ ਇੱਕੋ ਸਾਹ ਪੀ ਲਈ ਸੀ ਬਾਕੀ ਖ਼ਬਰੇ ਜ਼ਿੰਦਗੀ ਦੇ ਕਿੰਨਾ ਸਫਿਆਂ ਤੋਂ ਉਡਾਰੀਆ ਲਾਉਂਦੇ ਖ਼ਿਆਲ ਉਸ ਪਲ ਦਾ ਹਿੱਸਾ ਬਣ ਗਏ ।

ਜਿੰਨਾ ਕੁ ਹੁਣ ਤੱਕ ਮੈਂ ਅਨੰਤ ਨੂੰ ਜਾਣਿਆ ਸੀ ਉਹ ਇੱਕ ਸ਼ਰਮੀਲੀ ਅਦਾ ਵਾਲੀ ਤੇ ਜ਼ਿਆਦਾਤਰ ਚੁੱਪ ਰਹਿਣ ਵਾਲੀ ਕੁੜੀ ਸੀ ਪਰ ਖ਼ਿਆਲਾ ਦੀ ਤੇ ਵਿਚਾਰਾਂ ਦੀ ਕਾਫ਼ੀ ਵੱਡੀ ਉਡਾਣ ਭਰਨ ਦਾ ਦਿਲ ਰੱਖਦੀ ਸੀ । ਜਿਆਦਾਤਰ ਗੱਲਾਂ ਦੇ ਬੱਸ ਹਾਂ, ਹੂੰ , ਨਈ ਤੇ ਠੀਕ ਆ, ਹੀ ਉਹਦੇ ਜਵਾਬ ਹੁੰਦੇ ਸੀ । ਪਰ ਅੱਜ ਉਸਨੇ ਆਪਣੇ ਸੁਬਾਹ ਦੇ ਉਲਟ ਕਾਫ਼ੀ ਖੁੱਲ ਕੇ ਆਪਣੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ ਜਿਵੇਂ ਉਹਨੂੰ ਬਹੁਤ ਚਿਰਾਂ ਤੋਂ ਇਸ ਉਡੀਕ ਵਿੱਚ ਸੀ ਕਿ ਕੋਈ ਉਸ ਦੀ ਜ਼ਿੰਦਗੀ ਦੀਆਂ ਇਹਨਾਂ ਪਰਤਾਂ ਨੂੰ ਵੀ ਫਰੋਲੇ ਤੇ ਉਦਾਸ ਚੱਲ ਰਹੀ ਜ਼ਿੰਦਗੀ ਸ਼ਾਇਦ ਉਮੀਦ ਦੇ ਰਾਹ ਪੈਣ ਲੱਗੇ ਕਿਉਕਿ ਉਹ ਆਖਦੀ ਸੀ ਕਿ “ ਚੰਗੀ ਉਮੀਦ ਬਿਨਾਂ ਜ਼ਿੰਦਗੀ ਦੇ ਹਾਸੇ ਵੀ ਉਦਾਸ ਹੀ ਲੱਗਦੇ ਨੇਂ” , ਮੈਨੂੰ ਉਸਦੀ ਇਹ ਗੱਲ ਬਹੁਤ ਖੂਬਸੂਰਤ ਲੱਗੀ, ਆਖਿਰ ਇੱਕ ਜ਼ਿੰਦਾਦਿਲ ਇਨਸਾਨ ਹੀ ਮਾੜੇ ਵਕਤ ਵਿੱਚੋਂ ਉਮੀਦ ਦੇ ਪਲ ਲੱਭ ਸਕਦਾ ਹੈ।

ਆਪਣੀ ਕੌਫੀ ਠੰਢੀ ਹੋਣ ਦੀ ਉਡੀਕ ਕਰਦਿਆਂ ਮੈਂ ਆਖਿਆ ਜਿਨ੍ਹਾਂ ਤੂੰ ਹੁਣ ਗੁੰਮ-ਸੁੰਮ ਜਿਹੀ ਰਹਿਨੀ ਐ, ਬਚਪਨ ਵਿੱਚ ਸ਼ਾਇਦ ਤੂੰ ਕਾਫ਼ੀ ਸ਼ੈਤਾਨ ਰਹੀ ਹੋਣੀ ਆ ! ਉਸ ਨੇ ਹੱਸਦਿਆਂ ਕਿਹਾ ਯਾਰ ਬਚਪਨ ਤਾਂ ਕਿਸੇ ਸੋਹਣੀ ਫਿਲਮ ਵਾਂਗੂ ਬਹੁਤ ਜਲਦੀ ਨਿੱਕਲ ਗਿਆ ਪਰ ਸੱਚੀ ਉਹ ਸ਼ੈਤਾਨੀਆਂ, ਖੇਡਾਂ, ਜਿੱਦਾਂ ਤੇ ਨਿੱਕੀਆਂ ਨਿੱਕੀਆਂ ਚੀਜਾਂ ਦੇ ਚਾਅ ਅੱਜ ਵੀ ਯਾਦ ਆਉਂਦੇ ਆ ।

 

ਬਚਪਨ ਬਾਰੇ ਦੱਸਦਿਆਂ ਉਸਦੇ ਅੱਖਾਂ ਚ ਚਮਕ ਸੀ ਜੋ ਉਹਦੇ ਖੁਸ਼ ਹੋਣ ਦੀ ਹਾਮੀ ਭਰਦੀ ਸੀ, ਉਹਦੀ ਚੱਲਦੀ ਗੱਲ ਵਿੱਚੋ ਮੇਰਾ ਧਿਆਨ ਦੋ ਛੋਟੀਆਂ ਬੱਚੀਆਂ ਵੱਲ ਗਿਆ ਜੋ ਹੁਣੇ ਹੁਣੇ ਅੰਦਰ ਆਈਆਂ ਸਨ ਅਤੇ ਇੱਕ ਦੂਜੇ ਨਾਲ ਸ਼ਾਇਦ ਕੁਝ ਖੇਡ ਰਹੀਆਂ ਸਨ, ਉਹ ਉੱਚੀ ਉੱਚੀ ਹੱਸੀਆਂ ਤਾਂ ਬਹੁਤ ਪਿਆਰੀਆ ਲੱਗੀਆਂ , ਏਨੇ ਚ ਮੇਰਾ ਧਿਆਨ ਵਾਪਸ ਖਿੱਚਣ ਲਈ ਅਨੰਤ ਨੇ ਜ਼ੋਰ ਨਾਲ ਮੇਰਾ ਹੱਥ ਫੜ੍ਹ ਕੇ ਹਲੂਣਿਆ “ ਕੀ ਵੇਖੀ ਜਾਨਾਂ, ਮੇਰੀ ਗੱਲ ਵੀ ਸੁਣ ਰਿਹਾ ਸੀ ਕੇ ਨਾਂ” ਹਾਂ-ਹਾਂ ਮੈਂ ਸਭ ਸੁਣ ਰਿਹਾ ਬੱਸ ਬੱਚਿਆਂ ਨੂੰ ਦੇਖ ਕੇ ਮੈਂ ਕਿਤੇ ਖੋ ਜਾਨਾਂ ਸ਼ਾਇਦ ਕਿਸੇ ਵੱਖਰੀ ਦੁਨੀਆਂ ਚ ਜਿੱਥੇ ਫ਼ਿਕਰ, ਚਿੰਤਾ ਤੇ ਸਾਜ਼ਿਸ਼ਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ , ਹੁੰਦੈ ਤਾਂ ਬਸ ਪਿਆਰ, ਲੜਾਈ ਵੀ ਪਿਆਰ ਦੀ ਤੇ ਰੋਸੇ ਵੀ , ਓਹੀ ਤਾਂ ਮੈਂ ਦੱਸ ਰਹੀ ਸੀ ਅੜਿਆ, ਸੁਣ ਤਾਂ ਸਹੀ, ਤੈਨੂੰ ਪਤਾ ਮੈਂ ਕਦੇ ਪੀਚੋ ਖੇਡਣ ਵਿੱਚ ਨਈ ਹਾਰਦੀ ਸੀ,, ਐੜ - ਪੈੜ ਤਾਂ ਜਿਵੇਂ ਮੇਰੇ ਪੈਰਾਂ ਨੂੰ ਲੱਗ ਗਈ ਸੀ । ਇਸ ਤੋਂ ਬਿਨਾਂ ਰੋੜੇ ਖੇਡਣੇਂ, ਪਿੱਠੂ, ਲੁਕਣ ਮੀਟੀ, ਕੋਟਲਾ ਛਪਾਕੀ ਤੇ ਕਿੰਨੀਆ ਖੇਡਾਂ ਮੈਂ ਰੋਜ਼ ਖੇਡਿਆ ਕਰਦੀ ਸੀ । ਬਾਪੂ, ਦਾਦੇ, ਤੇ ਚਾਚੇ ਤਾਇਆਂ ਨਾਲ ਸਾਈਕਲ ਤੇ ਸਕੂਟਰ ਦੀ ਝੂਟੀ ਦਾ ਨਜ਼ਾਰਾ ਆਹ ਹੁਣ ਗੱਡੀਆਂ ਤੋਂ ਵੀ ਪੂਰਾ ਨੀ ਹੋ ਰਿਹਾ ।

 

ਮੈਂ ਇੱਕ ਆਮ ਪਰਿਵਾਰ ਤੋਂ ਆ, ਵਿਆਹ ਤੋਂ ਅੱਠ ਸਾਲਾਂ ਬਾਅਦ ਜੰਮੀ ਮੈਂ ਉਹ ਜੇਠੀ ਧੀ ਸੀ ਜਿਸਦੀਆ ਵਧਾਈਆਂ ਵੀ ਕੁੱਝ ਇਹੋ ਜੇਹੀਆ ਮਿਲੀਆਂ ਸੀ, “ ਚਲ ਕੋਈ ਨਾਂ ਭਾਈ , ਇਹਨੂੰ ਵੀ ਪੁੱਤ ਈ ਸਮਝੋ “ , ਤੇ ਜਦੋ ਚਾਰ ਸਾਲਾਂ ਬਾਅਦ ਮੇਰੀ ਛੋਟੀ ਭੈਣ ਜੰਮੀ ਤਾਂ ਮੇਰਾ ਪੈੜਾ ਹੋਰ ਮਾੜਾ ਹੋਗਿਆ ਅਖੇ ਇਹਨੇ ਰੱਬ ਤੋਂ ਵੀਰ ਨੀਂ ਮੰਗਿਆ । ਉਸ ਵਕਤ ਅਨੰਤ ਦੀਆਂ ਅੱਖਾਂ ਚ ਦਰਦ ਦੇਖਕੇ ਮੇਰੇ ਲੂੰ ਕੰਡੇ ਖੜੇ ਹੋ ਗਏ ਸੀ ਤੇ ਮੇਰੇ ਹੱਥ ਨੂੰ ਉਸਨੇ ਹੋਰ ਘੁੱਟ ਕੇ ਫੜ ਲਿਆ ਸੀ ਜਿਵੇਂ ਇਹ ਮਿਹਣਾਂ ਉਹਨੂੰ ਅਜੇ ਤੀਕ ਦਰਦ ਦਿੰਦਾ ਹੋਵੇ ਤੇ ਕੋਈ ਨਾਂ ਜੰਮਿਆ ਵੀਰ ਉਹਨੂੰ ਸੁਪਨੇ ਚ ਆਖ਼ਦਾ ਸੀ ‘ ਭੈਣ ਤੂੰ ਮੈਨੂੰ ਵੀ ਮੰਗ ਲੈ ਰੱਬ ਤੋਂ’ ।

ਮੈਂ ਗੱਲ ਨੂੰ ਸੰਜੀਦਾ ਹੋਣ ਤੋਂ ਰੋਕਣ ਲਈ ਇਕਦਮ ਬੋਲਿਆ ਯਾਰ ਤੇਰੇ ਦੋਸਤ ਕਿੰਨੇ ਕੁ ਸੀ , ਸਕੂਲ ਚ ਬੜੀਆਂ ਮਸਤੀਆ ਕੀਤੀਆਂ ਹੋਣੀਆਂ ਕਿ ਕਿਤਾਬੀ ਕੀੜਾ ਈ ਸੀ, ਮੈਂ ਕੌਫੀ ਦੀ ਆਖ਼ਰੀ ਘੁੱਟ ਭਾਰਦਿਆਂ ਥੋੜਾ ਹੱਸਕੇ ਪੁੱਛਿਆ । ਅਸੀਂ ਉੱਠ ਤੁਰੇ ਤੇ ਉਹਨੇ ਗੱਲ ਤੋਰੀ, ਮੈਨੂੰ ਦੁਬਾਰਾ ਕਿਤਾਬੀ ਕੀੜਾ ਨਾਂ ਕਹੀਂ, ਓਹਨੇ ਮੇਰੇ ਇੱਕ ਘਸੁੰਨ ਜੜਿਆ ਤੇ ਮੈਂ ਸੁੱਖ ਦਾ ਸਾਹ ਲਿਆ ਕਿ ਉਹ ਗਹਿਰੀ ਸੋਚ ਤੋਂ ਬਾਹਰ ਆਈ । ਉਸਨੇ ਅਚਾਨਕ ਪੁਛਿਆ ਤੂੰ ਲਿਖਦਾ ਚੰਗਾ ਕਦੇ ਕੋਈ ਕਹਾਣੀ ਮੈਨੂੰ ਵੀ ਭੇਜਦੇ, ਕੋਈ ਗੀਤ ਮੇਰੇ ਲਈ ਲਿਖਦੇ, ਚਲ ਦੱਸ ਕੀ ਲਿਖੇਂਗਾ ਜੇ ਮੇਰੇ ਵਾਸਤੇ ਲਿਖਣਾਂ ਪਵੇ ? ਮੈਂ ਕਿਹਾ, ਮੈਂ ਤੈਨੂੰ ਇੱਕ ਪਿਆਰੀ ਦੋਸਤ ਲਿਖ ਸਕਦਾਂ, ਉਹਨੇ ਅੱਖਾਂ ਵੱਡੀਆਂ ਕਰਕੇ ਕਿਹਾ “ ਊ , ਲੈ….ਬੱਸ ਇੱਕ ਦੋਸਤ , ਉਹ ਵੀ ਇੱਕੋ ਲਾਈਨ ਚ ।”

ਬੱਸ ਆਉਂਦੀ ਵੇਖ ਅਸੀਂ ਕਾਹਲੇ ਕਦਮ ਤੁਰ ਪਏ, ਮੈਂ ਗੱਲ ਟਾਲੇ ਪਾਈ ਤੇ ਆਖਿਆ ਭੇਜੂੰਗਾ ਤੈਨੂੰ, ਪਹਿਲਾਂ ਦੱਸ ਐਨੇ ਦਿਨ ਕਿੱਥੇ ਸੀ, ਅਜੇ ਤੱਕ ਨੀ ਦੱਸਿਆ ਤੂੰ ? ਕੱਲ ਨੂੰ ਮਿਲਦੇ ਆ ਛੁੱਟੀ ਆ ਮੇਰੀ ਫੇਰ ਲੈ ਲਵੀਂ ਇੰਟਰਵਿਊ ਜਿਹੜਾ ਲੈਣਾਂ, ਮੈਂ ਵੀ ਦੱਸ ਦੇਵਾਂਗੀ ਵੀ ਕਿੱਥੇ ਸੀ ਜਦੋ ਤੂੰ ਮੈਨੂੰ ਕੁੱਝ ਲਿਖ ਕੇ ਭੇਜੇਂਗਾ.. ਵੱਡਾ ਲਿਖਾਰੀ ਬਣਦਾ । ਨਾਲੇ ਇੰਸਟਾਗ੍ਰਾਮ ਚੈੱਕ ਕਰਲਾ ਮੈਂ ਪੰਜ ਦਿਨਾਂ ਦੀ ਫੋਲੋ ਰੇਕੁਐਸਟ ਭੇਜੀ ਹੋਈ ਆ, ਉਹਨੇ 77 ਨੰਬਰ ਬੱਸ ਚ ਚੜਨ ਲੱਗੀ ਨੇਂ ਕਿਹਾ । ਇਹ ਪਹਿਲੀ ਮੁਲਾਕਾਤ ਸੀ ਕਿ ਓਹਨੇਂ ਖੁੱਲੇ ਦਿਲ ਨਾਲ ਗੱਲਾਂ ਕੀਤੀਆਂ ਤੇ ਮੇਰਾ ਉਹਨੂੰ ਦੱਸਣਾਂ ਰਹਿ ਗਿਆ ਕਿ “ਦੋਸਤ” ਇੱਕੋ ਸ਼ਬਦ ਵਿੱਚ ਵੀ ਬਹੁਤ ਕੁੱਝ ਹੁੰਦੈ ।

 

ਮੈਂ ਆਪਣੀ ਬੱਸ ਚ ਆਵਦੀ ਪਸੰਦੀਦਾ ਅਖ਼ੀਰਲੀ ਸੀਟ ਖਾਲੀ ਦੇਖ ਕੇ ਖੁਸ਼ੀ ਖੁਸ਼ੀ ਜਾ ਬੈਠਿਆ ਤੇ ਸੋਚ ਰਿਹਾ ਸੀ ਕਿ ਹੋਰ ਕੀ ਲਿਖ ਸਕਦਾਂ ਮੈਂ ?

ਹਾਲੇ ਉਹਨੂੰ ਜਾਣ ਤਾਂ ਲਵਾਂ ਉਹ ਹਰ ਵਾਰ ਕਿਸੇ ਨਵੇਂ ਕਿੱਸੇ ਦੀ ਸ਼ੁਰੂਆਤ ਕਰ ਜਾਂਦੀ ਐ ।

ਚਾਹ ਤੇ ਚਾਅ ਕਦੇ ਇੰਝ ਇਕੱਠੇ ਹੋਣਗੇ ਕਿੱਥੇ ਪਤਾ ਸੀ …. ਕਿੱਥੇ ਲੈ ਕੇ ਜਾਣਗੇ ਕੌਣ ਜਾਣਦੈ ?

ਬੱਸ ਚ ਬੈਠਾ, ਬਾਹਰ ਖੇਡਦੇ ਕੁੱਝ ਬੱਚਿਆਂ ਦੇ ਚਿਹਰੇ ਵਿਚੋਂ ਸ਼ਾਇਦ ਮੈਂ ਅਨੰਤ ਦਾ ਮੂੰਹ ਲੱਭ ਰਿਹਾ ਸੀ । ਪਰ ਕਿਉਂ ?

 

ਚਲਦਾ ………….॥

……,.. continue

 

WhatsApp :

ਹੈਰੀ ਧਾਲੀਵਾਲ : +1 2049628325

 

✍🏽 ਹੈਰੀ ਧਾਲੀਵਾਲ ✍🏽
✍🏽 9 ਜੂਨ 2023✍🏽

 

TikTok: @lyricistharrydhaliwal
Insta: @lyricsharrydhaliwal
Snap: @lyricistharry

Add comment

Comments

Arshpreet Dhami
a year ago

❤️