ਉਡੀਕਾਂ ਦੇ ਅਹਿਸਾਸ ( ਉਹਦੀ ਚੁੱਪ ਬੋਲਦੀ ਸੀ ) ਚੈਪਟਰ -4

Published on 24 May 2023 at 00:18

ਬੇਸ਼ੱਕ ਸਾਡਾ ਮਿਲਣਾ ਹਮੇਸ਼ਾ ਆਮ ਵਰਗਾ ਹੀ ਹੁੰਦਾ ਸੀ ਅਤੇ ਅਸੀਂ ਕਦੇ ਮਿੱਥ ਕੇ ਨਹੀਂ ਮਿਲੇ ਸੀ, ਪਰ ਫੇਰ ਵੀ ਹਰ ਰੋਜ ਉਸੇ ਵਕਤ ਅੱਖਾਂ ਉਹਨੂੰ ਲੱਭਿਆ ਜਰੂਰ ਕਰਦੀਆਂ ਸਨ ਸ਼ਾਇਦ ਉਹਦੇ ਹਾਲਾਤ, ਉਹਦਾ ਜ਼ਿੰਦਗੀ ਨੂੰ ਹਸਮੁਖ ਹੋ ਕੇ ਮਿਲਣ ਦਾ ਜਜ਼ਬਾ, ਜਾਂ ਉਹਦੇ ਬਾਰੇ ਹੋਰ ਜਾਨਣ ਦੀ ਮੇਰੀ ਦਿਲਚਸਪੀ ਮੇਰੀਆਂ ਅੱਖਾਂ ਨੂੰ ਬੇਚੈਨ ਕਰਦੀ ਸੀ |

ਦਸ ਦਿਨਾਂ ਤੋਂ ਉਪਰ ਹੋ ਚੁੱਕੇ ਸੀ ਅਨੰਤ ਕਿਤੇ ਨਹੀਂ ਸੀ ਦਿਖੀ ਮੈਂਨੂੰ, ਹਰ ਦਿਨ ਦੇ ਨਾਲ-ਨਾਲ ਮੇਰੇ ਸਬਰ ਦੀ ਡੋਰ ਟੁੱਟਦੀ ਜਾ ਰਹੀ ਸੀ | ਇੱਕ ਪਲ ਖਿਆਲ ਆਉਂਦਾ ਕਿ ਕੋਈ ਅਣਸੁਖਾਵੀਂ ਘਟਨਾਂ ਨਾ ਵਾਪਰ ਗਈ ਹੋਵੇ ਅਤੇ ਦੂਜੇ ਹੀ ਪਲ ਮੈਂ ਆਪਣੇ ਦਿਲ ਨੂੰ ਆਖਦਾ ਐਵੇਂ ਕੁੱਝ ਨਈ ਹੁੰਦਾ ਉਹ ਦਲੇਰ ਤੇ ਸਿਆਣੀ ਕੁੜੀ ਐ, ਹੋਰ ਵੀ ਬੜੀਆਂ ਸੋਚਾਂ ਬਣਾਉਂਦਾ ਤੇ ਅਗਲੇ ਪਲ ਮਿਟਾ ਦਿੰਦਾ |

ਮੈਂ ਆਦਤ ਅਨੁਸਾਰ ਬ੍ਰੇਕ ਵਕਤ A&W ਗਿਆ ਤੇ ਕੌਫੀ ਆਰਡਰ ਕਰਕੇ ਬੈਠ ਗਿਆ | ਉਹਦਾ ਏਥੇ ਤੱਕ ਪਹੁੰਚਣ ਦਾ ਸਫਰ ਕੋਈ ਬਹੁਤਾ ਸੁਖਾਲਾ ਨਹੀਂ ਰਿਹਾ ਸੀ, ਕਿਵੇਂ ਉਹਨੇ ਆਪਣਾ ਬਚਪਨ ਚਾਵਾਂ ਨੂੰ ਦੱਬ ਕੇ ਤੇ ਰੀਝਾਂ ਦੀ ਸਹੇਲੀ ਬਣਕੇ ਉਹਨਾਂ ਹੋਰ ਉਡੀਕ ਕਰਨ ਨੂੰ ਮਨਾ ਲਿਆ ਸੀ, ਖ਼ਬਰੇ ਉਹ ਏਸੇ ਕਰਕੇ ਬੇਖੌਫ ਰਹਿੰਦੀ ਸੀ ਪਰ ਇੱਕ ਫ਼ਿਕਰ ਹਮੇਸ਼ਾ ਸੀ ਉਸਨੂੰ ਕਿ ਮਾਪੇ ਤੇ ਛੋਟੇ ਭਰਾ ਨੂੰ ਵੀ ਆਵਦੇ ਕੋਲ ਲੈ ਕੇ ਆਉਣਾਂ ਹੈ ਅਤੇ ਉਹ ਦਿਨ ਰਾਤ ਮਿਹਨਤ ਕਰਦੀ ਸੀ ਇਸ ਸੁਪਨੇ ਨੂੰ ਪੂਰਾ ਕਰਨ ਲਈ, ਉਹ ਕਿਹਾ ਕਰਦੀ ਸੀ " ਦੇਖੀਂ ਜਦੋਂ ਮਾਤਾ ਉਰੇ ਆਗੀ, ਮੌਜਾਂ ਲੱਗ ਜਾਣੀਆਂ, ਉਹਦੇ ਹੱਥ ਦੀ ਰੋਟੀ ਖਾ ਕੇ ਤਾਂ ਮੈਂ ਖੇਡਦੀ ਵੀ ਥੱਕਿਆ ਨਈ ਸੀ ਕਰਦੀ , ਆਹ ਕੰਮ ਤਾਂ ਗੱਲ ਏ ਕੁਛ ਨਈ " |

 

ਸੋਚ ਨੇ ਸੜਕ ਬਦਲੀ ਅਤੇ ਮੈਂ ਬਚਪਨ ਚੇਤੇ ਕੀਤਾ, ਯਾਰ ਗੱਲ ਤਾਂ ਸੱਚ ਐ, ਸਾਰੀ ਜ਼ਿੰਦਗੀ ਜੋ ਮਰਜੀ ਖਾਈ ਜਾਈਏ ਪਰ ਬਚਪਨ ਦਾ ਲੂਣ ਮਿਰਚ ਵਾਲਾ ਪਰੌਂਠਾ ਕਦੇ ਨਈ ਭੁੱਲਦਾ, ਮਾਵਾਂ ਦੇ ਹੱਥ ਪਤਾ ਨ੍ਹੀ ਕਿੰਨੀਆਂ ਅਸੀਸਾਂ ਵਾਲਾ ਆਟਾ, ਮੋਹ ਭਿੱਜੇ ਪਾਣੀ ਨਾਲ ਗੁੰਨਦੀਆਂ ਹਨ | ਮਾਵਾਂ ਨਾਲ ਮੁਹੱਬਤ ਦਾ ਇਜ਼ਹਾਰ ਬਹੁਤ ਘੱਟ ਹੁੰਦਾ ਜਾ ਰਿਹੈ ਹਾਂ ਪਰ ਅਸੀਂ ਮਦਰ ਡੇ ਤੇ ਬਹੁਤ ਫੋਟੋਆਂ ਪਾਉਣ ਲੱਗ ਪਏ ਹਾਂ |

ਜਦੋਂ ਵੀ ਕਿਤੋਂ ਘਰ ਵਾਪਸ ਆਉਂਦੇ ਹਾਂ ਤਾਂ ਮਾਂ ਨੂੰ ਆਵਾਜ਼ ਜਰੂਰ ਮਾਰ ਲੈਂਦੇ ਹਾਂ, ਬੇਸ਼ੱਕ ਕੋਈ ਕੰਮ ਨਾਂ ਵੀ ਹੋਵੇ, ਬੱਸ ਏਹ ਆਪ ਮੁਹਾਰੇ ਪਿਆਰ ਦਾ ਵਰਤਾਰਾ ਹੈ | ਕਿੰਨੀਆਂ ਕੀਮਤੀ ਹੁੰਦੀਆਂ ਨੇਂ ਮਾਵਾਂ ਤੇ ਅਸੀਂ ਅਪਣੀ ਆਉਣ ਆਲੀ ਪੀੜ੍ਹੀ ਦੀਆਂ ਮਾਵਾਂ ਈ ਸੇਲ ਤੇ ਲਾ ਰੱਖੀਆਂ ਨੇ? ਜਿੰਨੇ ਨੰਬਰ, ਜਿੰਨੇ ਬੈਂਡ ਤੇ ਉਹਨੇ ਲੱਖ -- ਜ਼ਰਾ ਸੋਚੋ ਆਹ ਤਜ਼ਰਬੇ ਦੱਸਿਆ ਕਰਾਂਗੇ ਬੱਚਿਆਂ ਨੂੰ?

ਅਚਾਨਕ ਇੱਕ ਹੱਥ ਜ਼ੋਰ ਦੀ ਪਿੱਠ ਤੇ ਵੱਜਿਆ ਤੇ ਉਹ ਆਕੇ ਮੇਰੇ ਸਾਹਮਣੇ ਖਲੋ ਕੇ ਬੋਲੀ " ਕੀ ਗੱਲ ਕੱਲਾ ਈ ਕੌਫੀ ਪੀ ਰਿਹਾ, ਮੇਰੀ ਕਿੱਥੇ ਆ? ਕਿਹੜੀਆਂ ਸੋਚਾਂ ਚ ਪਿਆ ਸਾਡਾ ਸ਼ਿਵ ? " ਏਨੇ ਸਵਾਲਾਂ ਦੇ ਜਵਾਬ ਚ ਮੈਂ ਅਚਾਨਕ ਉਸਨੂੰ ਦੇਖ ਕੇ ਬੱਸ ਏਨਾ ਹੀ ਕਹਿ ਸਕਿਆ " ਕੁੱਝ ਨਈ ਯਾਰ ਮਾਵਾਂ ਬਾਰੇ ਸੋਚਦਾ ਸੀ " | ਏਨਾਂ ਕਹਿ ਮੈਂ ਮਿਹਨਤ ਨਾਲ ਠੰਡੀ ਕੀਤੀ ਕੌਫੀ ਉਸਦੇ ਅੱਗੇ ਕੀਤੀ ਅਤੇ ਉਸਨੇ ਇੱਕੋ ਸਾਹ ਕੱਪ ਖ਼ਾਲੀ ਕਰਕੇ ਰੱਖ ਦਿੱਤਾ " ਬੜੀ ਸਵਾਦ ਸੀ ਯਾਰ " ਕਹਿੰਦੀ ਨੇਂ ਮੂੰਹ ਸਾਫ਼ ਕਰਕੇ ਨਵੀਂ ਗਰਮ ਗਰਮ ਕੌਫੀ ਲਿਆ ਕੇ ਮੇਰੇ ਅੱਗੇ ਰੱਖ ਦਿੱਤੀ , ਕਹਿੰਦੀ ਅਖੇ ਮੈਨੂੰ ਠੰਡੀ ਚੰਗੀ ਲੱਗਦੀ ਆ, ਮੈਂ ਪਤਾ ਨਈਂ ਕਿਉ ਬੋਲਦਾ ਬੋਲਦਾ ਰਹਿ ਗਿਆ ਕਿ ਮੈਨੂੰ ਵੀ ਚੰਗੀ ਲੱਗਦੀ ਐ | ਅਸੀਂ ਹਾਲੇ ਤੀਕ ਕਿਸੇ ਸੋਸ਼ਲ ਮੀਡੀਆ ਤੇ ਨਈਂ ਜੁੜੇ ਸੀ ਪਰ ਅਨੰਤ ਰਾਹੀਂ ਮੈਂ ਕਿੰਨੇ ਹੀ ਰਿਸ਼ਤੇ ਮਹਿਸੂਸ ਕਰ ਰਿਹਾ ਸੀ, ਏਹ ਅਹਿਸਾਸ ਪਿਆਰਾ ਵੀ ਸੀ ਤੇ ਅਜੀਬ ਵੀ |

 

ਅੱਜ ਉਸਨੇਂ ਮੈਨੂੰ ਸ਼ਿਵ ਕਿਉਂ ਕਿਹਾ ਮੇਰੇ ਲਈ ਛੋਟਾ ਜਿਹਾ ਸਵਾਲ ਸੀ ??
ਏਨੇ ਦਿਨ ਉਹ ਕਿਉ ਨਈ ਸੀ ਮਿਲੀ??
ਵੱਡਾ ਸਵਾਲ ਏਹ ਸੀ ਕੀ ਮੈਂ ਭਵਿੱਖ ਦੀਆਂ ਮਾਵਾਂ ਨੂੰ ਸਹਾਰਾ ਦੇਣ ਲਈ ਕੁੱਝ ਕਰ ਸਕਦਾ ਹਾਂ??
ਕੀ ਅਸੀਂ ਸਾਰੇ ਕੁੱਝ ਕਰ ਸਕਦੇ ਹਾਂ??


ਆਹ ਕੌਫੀ ਠੰਡੀ ਹੋਣ ਤੱਕ ਕਿੰਨੀਆਂ ਹੀ ਗੱਲਾਂ ਹੋਈਆਂ, ਕੁੱਝ ਖੱਟੀਆਂ ਮਿੱਠੀਆਂ ਯਾਦਾਂ ਜੋ ਅਗਲੇ ਹਫਤੇ ਦਾ ਸ਼ਿੰਗਾਰ ਬਣਨਗੀਆਂ …………………….॥

 

ਚਲਦਾ ………….॥

……,.. continue

 

WhatsApp :

ਹੈਰੀ ਧਾਲੀਵਾਲ : +1 2049628325

 

✍🏽 ਹੈਰੀ ਧਾਲੀਵਾਲ ✍🏽
✍🏽 24 ਮਈ 2023✍🏽

Add comment

Comments

There are no comments yet.