ਅਨੰਤ ਦੇ ਜਿਆਦਾਤਰ ਮੈਸਜ ਮੈਨੂੰ ਕੋਸਣ ਦੇ ਈ ਸੀ ਤੇ ਕਾਰਨ ਸੀ ਫ਼ੋਨ ਨਾਂ ਚੱਕਣਾ ਤੇ ਮੈਸਜ ਦਾ ਰਿਪਲਾਏ ਨਾ ਕਰਨਾ । ਉਸਦੇ ਬਾਕੀ ਮੈਸੇਜਿਸ ਵਿਚ ਦੱਸਣ ਮੁਤਾਬਿਕ ਹੁਣ ਅਨੰਤ ਅਤੇ ਉਸ ਦੇ ਪਤੀ ਸਤਨਾਮ ਵਿਚ ਕੋਈ ਆਪਸੀ ਵੈਰ ਵਾਲੀ ਗੱਲ ਨਹੀਂ ਸੀ, ਕਹਿੰਦੀ ਅਸੀ ਦੋ ਤਿੰਨ ਵਾਰ ਮਿਲ ਕੇ ਇਕ ਦੂਜੇ ਨਾਲ ਇਸ ਗੱਲ ਤੇ ਵਿਚਾਰ ਕੀਤੀ ਤੇ ਸਾਨੂੰ ਸਮਝ ਲੱਗੀ ਕਿ ਅਸੀ ਦੋਵੇ ਬੱਸ ਆਪਣੇ-ਆਪਣੇ ਚੰਗੇ ਭਵਿੱਖ ਕਰਕੇ ਚਿੰਤਤ ਹੋਣ ਕਾਰਨ ਲੜਾਈ ਕਰਦੇ ਰਹੇ ਪਰ ਇਕ ਦੂਜੇ ਨੂੰ ਜਿਆਦਾ ਜਾਣਦੇ ਨਾਂ ਹੋਣ ਕਰਕੇ ਸਮਝਾ ਨਾਂ ਸਕੇ ।
ਹਾਲਾ ਕੀ ਉਸ ਦਿਨ ਦੀ ਲੜਾਈ ਨੂੰ ਦਿਲੋਂ ਭੁਲਾਉਣਾ ਸ਼ਾਇਦ ਮੁਮਕਿਨ ਨਾਂ ਹੋਵੇ ਪਰ ਆਹ ਮੁਲਾਕਾਤਾਂ ਵਿਚ ਉਸਨੇ ਮੈਨੂੰ ਯਕੀਨ ਦਵਾਇਆ ਕੇ ਉਹ ਮੇਰੇ ਨਾਲ ਹੈ ਅਤੇ ਸਾਡੀ ਦੋਹਾਂ ਦੀ ਸਲਾਹ ਅਨੁਸਾਰ ਅਸੀਂ ਮੇਰਾ ਅਤੇ ਸਤਨਾਮ ਦਾ ਤਿੰਨ ਸਾਲਾਂ ਦਾ ਵਰਕ ਪਰਮਿਟ ਆ ਜਾਣ ਤੇ ਤਲਾਕ ਲੈ ਲਵਾਂਗੇ ।
ਸ਼ਾਇਦ ਇਸੇ ਕਰਕੇ ਕਿਉ ਕਿ ਅੱਜ ਉਹ ਬਹੁਤ ਖੁਸ਼ ਸੀ , ਉਸਨੇ ਮੈਸੇਜ ਵਿੱਚ ਦੱਸਿਆ ਹੋਇਆ ਸੀ ਕਿ ਇੰਡੀਆ ਵਿਚ ਅਨੰਤ ਦੇ ਘਰਦਿਆਂ ਉਪਰ ਕੀਤਾ ਕੇਸ ਸਤਨਾਮ ਦੇ ਸਮਝਾਉਣ ਤੇ ਉਸਦੇ ਘਰਦਿਆਂ ਨੇ ਵਾਪਿਸ ਲੈ ਲਿਆ ਹੈ ਅਤੇ ਸਮਝੌਤਾ ਹੋ ਚੁੱਕਾ ਸੀ । ਉਸ ਆਖਿਆ ਹੈਰੀ ਹੁਣ ਸ਼ਾਇਦ ਅਸੀ ਤਲਾਕ ਤੋਂ ਬਾਅਦ ਵੀ ਇਕ ਦੂਜੇ ਨੂੰ ਦੇਖ ਕੇ ਪਾਸਾ ਵੱਟ ਕੇ ਨਹੀਂ ਲੰਘਾਂਗੇ, ਚੰਗੇ ਦੋਸਤ ਵੀ ਬਣ ਸਕਦੇ ਹਾਂ ਸ਼ਾਇਦ । ਤੈਨੂੰ ਪਤਾ ਮੈਂ ਤਾਂ PR ਤੱਕ ਸਾਥ ਦੇਣ ਲਈ ਵੀ ਮੰਨ ਗਈ ਸੀ ਪਰ ਪਤਾ ਨਹੀਂ ਸਤਨਾਮ ਨੇ ਦੱਸਿਆ ਕਿ ਜਿਸ ਵਕੀਲ ਕੋਲ ਆਪਾਂ ਗਏ ਸੀ ਉਸ ਨੇ ਮੈਨੂੰ ਦੁਬਾਰਾ ਫੇਰ ਬੁਲਾਇਆ ਸੀ ਅਤੇ ਉਸਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਿਆ ਕਿ ਆਪਾਂ ਨੂੰ ਜਿਆਦਾ ਦੇਰ ਨਹੀਂ ਕਰਨੀ ਚਾਹੀਦੀ ਕਿਉਕਿ ਇਹ ਤੇਰੇ ਭਵਿੱਖ ਲਈ ਸਹੀ ਨਹੀਂ ਹੋਵੇਗਾ । ਅੱਜ ਉਸਦੇ ਵਿਚ ਮੈਨੂੰ ਕੋਈ ਲਾਲਚ ਨਹੀਂ ਸੀ ਦਿਖ ਰਿਹਾ ਉਲਟਾ ਉਸਨੇ ਮੇਰੇ ਬਾਰੇ ਸੋਚਿਆ ਸੀ , ਇਹ ਮੇਰੇ ਲਈ ਇਕ ਤਰ੍ਹਾਂ ਦੇ ਅਹਿਸਾਨ ਵਰਗਾ ਸੀ ।
ਕਾਹਲੀ ਕਾਹਲੀ ਵਿਚ ਗਲਤ ਬੱਸ ਵਿਚ ਬੈਠੀ ਮੈਨੂੰ ਮੈਸਜ ਕਰਦੀ ਰਹੀ ਅਤੇ ਪੂਰੇ ਅੱਧੇ ਘੰਟੇ ਬਾਅਦ ਰਸਤੇ ਵਿੱਚੋਂ ਬੱਸ ਬਦਲਣ ਦਾ ਮੈਸਜ ਵੀ ਭੇਜਿਆ ਹੋਇਆ ਸੀ । ਬਹੁਤ ਚੰਗਾ ਦਿਨ ਸੀ ਹੈਰੀ ਅੱਜ ਜੇ ਤੂੰ ਨਾਲ ਹੁੰਦਾ ਆਪਾਂ ਕੌਫੀ ਪੀਣ ਚਲਦੇ ਤੇ ਆਹ ਸਾਰਾ ਕੁੱਝ ਮੈਂ ਤੈਨੂੰ ਆਹਮਣੇ ਸਾਹਮਣੇ ਦੱਸਦੀ, ਗੁੱਸਾ ਤਾਂ ਬਹੁਤ ਆ ਰਿਹਾ ਤੇਰੇ ਤੇ ਮੈਨੂੰ ਪਤਾ ਨੀ ਕਿਹੜੇ ਖੱਲ ਖੂੰਜੇ ਫ਼ੋਨ ਰੱਖ ਕੇ ਭੱਜ ਗਿਆ । ਹੁਣ ਜਦੋ ਮਿਲਿਆ ਤੇਰਾ ਫ਼ੋਨ ਨਹੀ ਬਚਦਾ ਦੇਖੀਂ ਤੂੰ ।
ਮੈਨੂੰ ਯਾਦ ਆ ਜਿੰਨੀ ਕੁ ਵਾਰ ਮੈਂ ਉਹਨੂੰ ਕੰਮ ਤੇ ਯਾ ਮਾਰਕੀਟ ਵਿੱਚ ਦੇਖਿਆ ਸੀ ਜਦੋਂ ਉਹ ਨਹੀਂ ਜਾਣਦੀ ਸੀ ਕਿ ਮੈਂ ਉਸਨੂੰ ਦੇਖ ਰਿਹਾ ਉਹ ਹਮੇਸ਼ਾ ਗੁੰਮ ਸੁੰਮ ਜਹੀ ਹੁੰਦੀ ਸੀ , ਉਤਰਿਆ ਜੇਹਾ ਮੂੰਹ ਤੇ ਕਿਸੇ ਡੂੰਘੀ ਸੋਚ ਚ ਪਈ ਕਦੇ ਇੱਕੋ ਟਕ ਟੇਬਲ, ਕੁਰਸੀ, ਜੋ ਵੀ ਉਸ ਕੋਲ ਹੁੰਦਾ ਉਸ ਉੱਤੇ ਉਂਗਲ ਨਾਲ ਕੁੱਝ ਵਾਹੀ ਜਾਂਦੀ ਅਤੇ ਫੇਰ ਹੱਥ ਫੇਰ ਕੇ ਜਿਵੇਂ ਮਿਟਾਉਂਦੀ ਰਹਿੰਦੀ । ਹੱਥਾਂ ਦੇ ਨੌਂਹ ਖਾਣਾਂ, ਮੇਰੇ ਵਾਂਗੂ ਕਿਤੇ ਖੋ ਕੇ ਕਾਗਜ਼, ਪੈਨ ਦੀ ਕੈਪ ਚੱਬ ਦੇਣੀ ਮੈਂ ਉਹਨੂੰ ਆਮ ਦੇਖਦਾ ਸੀ ਪਰ ਮੇਰੇ ਅੱਗੇ ਅਤੇ ਲੋਕਾਂ ਅੱਗੇ ਉਹ ਕੁਝ ਹੋਰ ਬਣ ਕੇ ਆਉਂਦੀ, ਨਿਡਰ, ਉਸਾਰੂ ਸੋਚ, ਤੇ ਸਭ ਨੂੰ ਨਾਲ ਲੈ ਕੇ ਤੁਰਨ ਵਾਲੀ ।
ਅੰਤ ਵਿਚ ਉਹਨੇ ਲਿਖਿਆ ਸੀ ਹੁਣ ਵੀਕੈਂਡ ਤੇ ਮਿਲਦੇ ਆ ਜੇ ਟਾਈਮ ਹੋਇਆ ਅਤੇ ਉਸ ਦਿਨ ਤੋਂ ਬਾਅਦ ਮੁੜ ਮਿਲਣ ਦਾ ਸਬੱਬ ਅਜੇ ਤੱਕ ਨਹੀਂ ਬਣਿਆ । ਮੈਂ ਉਸ ਨੰਬਰ ਤੇ ਕੁੱਝ ਦਿਨਾ ਬਾਅਦ ਫੇਰ ਮੈਸਜ ਕੀਤਾ , ਕੋਈ ਜਵਾਬ ਨਹੀਂ ਆਇਆ , ਫ਼ੋਨ ਕੀਤਾ ਤਾਂ ਵੋਇਸ ਮੇਲ ਤੇ ਲੱਗਿਆ ਸੀ , ਬਹੁਤ ਸਾਰੇ ਸੁਨੇਹੇ ਵੋਇਸ ਮੇਲ ਤੇ ਛੱਡ ਦਿੰਦਾ ਕੇ ਅਨੰਤ ਫ਼ੋਨ ਕਰੀ ਕੀ ਹਾਲ ਹੈ ਤੇਰਾ । ਹਰ ਮੈਸਜ ਕਰਨ ਲੱਗਿਆ ਮੈਂ ਇਹੋ ਸੋਚਦਾ ਕਿ ਅੱਜ ਇਸਦਾ ਜਵਾਬ ਮਿਲ ਜਾਵੇਗਾ ਪਰ ਕੋਈ ਜਵਾਬ ਨਾਂ ਆਉਂਦਾ ।
ਮੈਂ ਉਸਦੇ ਕੰਮ ਤੇ ਜਾ ਕੇ ਪੁਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੱਸਿਆ ਕੇ ਉਸਨੇ ਬ੍ਰਿਟਿਸ਼ ਕੋਲੰਬੀਆ ਜਾਣ ਲਈ 2 ਦਿਨ ਦੀ ਛੁੱਟੀ ਲਈ ਸੀ ਪਰ ਉਹਨੇ ਵਾਪਿਸ ਜੌਬ ਜੋਇਨ ਨਹੀਂ ਕੀਤੀ । ਮੈਂ ਏਸ ਗੱਲ ਤੇ ਪਰੇਸ਼ਾਨ ਹੋ ਰਿਹਾ ਸੀ ਕਿ ਮੇਰੇ ਨਾਲ ਏਸ ਬਾਰੇ ਕੋਈ ਗੱਲ ਨਹੀਂ ਹੋਈ, ਦੂਜੇ ਪਾਸੇ ਸੋਚਦਾ ਕਿ ਇਹ ਏਨਾ ਜਰੂਰੀ ਵੀ ਨਹੀਂ ਕਿ ਉਹ ਮੇਰੇ ਨਾਲ ਹਰ ਗੱਲ ਸਾਂਝੀ ਕਰੇ ਕਿਉ ਕਿ ਉਹ ਹਮੇਸ਼ਾ ਕਹਿੰਦੀ ਸੀ ਕਿ ਭਰੋਸਾ ਕਰਨਾ ਉਹਦੇ ਲਈ ਬਹੁਤ ਮੁਸ਼ਕਿਲ ਹੈ ਅਤੇ ਉਹ ਜਲਦੀ ਮੇਰੇ ਤੇ ਯਕੀਨ ਨਹੀਂ ਕਰ ਸਕਦੀ । ਸ਼ਾਇਦ ਯਕੀਨ ਦੀ ਕੋਈ ਕੜੀ ਤਾਂ ਸੀ ਸਾਡੇ ਵਿਚਕਾਰ ਪਰ ਬੇਸ਼ੱਕ ਅਜੇ ਓਨੀ ਗੂੜ੍ਹੀ ਨਹੀਂ ਸੀ ।
ਖੈਰ ਇਸ ਸਮੇਂ ਉਡੀਕ ਤੋਂ ਬਿਨਾ ਮੇਰੇ ਕੋਲ ਕੋਈ ਰਸਤਾ ਨਹੀਂ ਸੀ , ਹੁਣ ਮੈਂ ਮੈਸੇਜ ਭੇਜਣੇ ਬੰਦ ਕਰ ਚੁੱਕਾ ਸੀ, ਸ਼ਾਇਦ ਉਹਦੇ ਸੁਨੇਹੇ ਦੀ ਉਡੀਕ ਨੇ ਮੇਰੇ ਹੱਥ ਰੋਕ ਦਿੱਤੇ ਸੀ । ਹੁੰਦਾ ਨਾਂ, ਜਦੋ ਕਿਸੇ ਦੀ ਉਡੀਕ ਹੋਵੇ ਤਾਂ ਬਿਨਾਂ ਵਜਾਹ ਹੱਥ ਫ਼ੋਨ ਚੱਕ ਲੈਂਦੇ ਨੇਂ, ਅੱਧੀ ਰਾਤ ਨੂੰ ਅਚਾਨਕ ਅੱਖ ਖੁੱਲ੍ਹਣ ਲਗਦੀ ਹੈ , ਅੱਜ ਮੈਨੂੰ ਚੇਤਾ ਆਇਆ ਕਿ ਇੱਕ ਵਾਰ ਉਸ ਨੇਂ ਆਖਿਆ ਸੀ ‘ਹੈਰੀ, ਸਭ ਤੋਂ ਮੁਸ਼ਕਿਲ ਹੁੰਦਾ ਜਦ ਇਨਸਾਨ ਆਪਣੇ ਅੰਦਰ ਨਾਲ ਹੀ ਲੜਾਈ ਕਰਨ ਲੱਗ ਜਾਵੇ ‘, ਉਦੋਂ ਮੈਂ ਦੱਸ ਨਹੀਂ ਸੀ ਸਕਿਆ ਕਿ ਇਹ ਲੜਾਈ ਮੈਂ ਬਹੁਤ ਸ਼ਿੱਦਤ ਨਾਲ ਕੀਤੀ ਐ, ਤੇ ਕਰਦਾ ਰਹਾਂਗਾ ।
ਮੇਰੇ ਹੱਥ ਹਮੇਸ਼ਾ ਸੱਭ ਲਈ ਦੁਆ ਵਿਚ ਉੱਠਦੇ ਰਹੇ ਹਨ ਅਤੇ ਉੱਠਦੇ ਰਹਿਣਗੇ, ਕੋਈ ਫਰਕ ਨਹੀਂ ਕਿ ਮੇਰੀ ਪਿੱਠ ਤੇ ਮੇਰੇ ਬਾਰੇ ਕੀ ਬੁਣਿਆ ਜਾ ਰਿਹਾ ਹੈ, ਅਨੰਤ ਦਾ ਨਾਮ ਵੀ ਦੁਆਵਾਂ ਵਿਚ ਸੀ , ਆਖਿਰ ਇਕ ਦੋਸਤ ਹੋਣ ਨਾਤੇ ਸੁੱਖ ਮੰਗਣਾਂ ਕਦੇ ਗਲਤ ਨਹੀਂ ਹੋ ਸਕਦਾ ਅਤੇ ਜੇਕਰ ਹੈ ਤਾਂ ਮੈਂ ਗਲਤ ਅਖਵਾਉਣਾਂ ਪਸੰਦ ਕਰਾਂਗਾ । ਪਰ ਇਹ ਅਨੰਤ ਦੀ ਕਹਾਣੀ ਦਾ ਅੰਤ ਨਹੀਂ ਹੋ ਸਕਦਾ ਅਤੇ ਹੁਣ ਬੱਸ ……….. ਉਡੀਕ ਜਾਰੀ ਹੈ …… .......................ਮੈਨੂੰ ਵੀ, ਸਾਡੀ ਅਧੂਰੀ ਕੈਪੂਚਿਨੋ ਨੂੰ ਵੀ ...........ਅਤੇ ਇਸ ਕਹਾਣੀ ਨੂੰ ਵੀ ।।
ਚਲਦਾ ………….॥
……,.. continue
WhatsApp :
ਹੈਰੀ ਧਾਲੀਵਾਲ : +1 2049628325
✍🏽 ਹੈਰੀ ਧਾਲੀਵਾਲ ✍🏽
✍🏽 16 ਜੁਲਾਈ 2023✍🏽
TikTok: @lyricistharrydhaliwal
Insta: @lyricsharrydhaliwal
Snap: @lyricistharry
#ExploreWinnipeg #TheForks #Theforksmarket #LoveWinnipeg #WinnipegLife #WinnipegProud #OnlyInWinnipeg #Winnipeggers
#WinnipegAdventures #WinnipegEvents #WinnipegCulture #WinnipegBeauty #Storyoftheday
Add comment
Comments
Uddeek jarri hai .........